ਗੰਗੂ ਬ੍ਰਾਹਮਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੰਗੂ ਬ੍ਰਾਹਮਣ (ਮ. 1710 ਈ.): ਰੋਪੜ ਜ਼ਿਲ੍ਹੇ ਦੇ ਮੋਰਿੰਡਾ ਕਸਬੇ ਦੇ ਨੇੜੇ ਸਥਿਤ ਇਕ ਪਿੰਡ , ਜਿਸ ਦਾ ਨਿਵਾਸੀ ਗੰਗੂ ਬ੍ਰਾਹਮਣ ਆਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਰਸੋਈਆ ਸੀ। ਸੰਨ 1705 ਈ. ਵਿਚ ਜਦੋਂ ਹੜ੍ਹੀ ਹੋਈ ਸਰਸਾ ਨਦੀ ਨੂੰ ਪਾਰ ਕਰਨ ਵੇਲੇ ਸਾਰਾ ਗੁਰੂ-ਪਰਿਵਾਰ ਵਿਛੜ ਗਿਆ, ਤਾਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਨੂੰ ਦੋ ਛੋਟੇ ਸਾਹਿਬਜ਼ਾਦਿਆਂ ਸਹਿਤ ਆਪਣੇ ਪਿੰਡ ‘ਖੇੜੀਲੈ ਆਇਆ। ਮਾਤਾ ਜੀ ਨੇ ਰਾਤ ਵੇਲੇ ਕੀਮਤੀ ਸਾਮਾਨ ਉਸ ਨੂੰ ਸੌਂਪ ਦਿੱਤਾ। ਉਸ ਸਾਮਾਨ ਨੂੰ ਵੇਖ ਕੇ ਗੰਗੂ ਦਾ ਮਨ ਡੋਲ ਗਿਆ ਅਤੇ ਉਸ ਨੂੰ ਹਥਿਆਉਣ ਲਈ ਸੋਚਣ ਲਗ ਪਿਆ। ਦੂਜੇ ਦਿਨ ਉਸ ਨੇ ਮੋਰਿੰਡਾ ਦੇ ਰੰਘੜ ਮੁਖੀਆਂ—ਜਾਨੀ ਖ਼ਾਨ ਅਤੇ ਮਾਨੀ ਖ਼ਾਨ—ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਉਸ ਪਾਸ ਹੋਣ ਦੀ ਸੂਚਨਾ ਦਿੱਤੀ। ਉਹ ਦੋਵੇਂ ਰੰਘੜ ਇਨ੍ਹਾਂ ਨੂੰ ਪਕੜ ਕੇ ਪਹਿਲਾਂ ਮੋਰਿੰਡੇ ਲਿਆਏ ਅਤੇ ਦੂਜੇ ਦਿਨ ਸਰਹਿੰਦ ਲੈ ਗਏ। ਇਸ ਤਰ੍ਹਾਂ ਚੰਦੂ ਨੇ ਵਿਸ਼ਵਾਸ-ਘਾਤ ਕਰਕੇ ਤਿੰਨਾਂ ਨੂੰ ਸ਼ਹੀਦ ਕਰਾਇਆ।

            ਬਾਬਾ ਬੰਦਾ ਬਹਾਦਰ ਨੇ ਸੰਨ 1710 ਈ. ਵਿਚ ਖੇੜੀ ਉਤੇ ਹਮਲਾ ਕਰਕੇ ਚੰਦੂ ਨੂੰ ਪਰਿਵਾਰ ਸਹਿਤ ਦੰਡ ਦਿੱਤਾ ਅਤੇ ਸਾਰਾ ਪਿੰਡ ਤਬਾਹ ਕੀਤਾ। ਹੁਣ ਉਸੇ ਥੇਹ ਉਤੇ ਜੋ ਪਿੰਡ ਵਸਿਆ ਹੋਇਆ ਹੈ ਉਸ ਦਾ ਨਾਂ ‘ਸਹੇੜੀ ’ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.